ਕਾਨ੍ਹ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨ੍ਹ ਸਿੰਘ. ਬਾਵਾ ਬਿਨੋਦ ਸਿੰਘ ਤੇਹਣ ਦਾ ਸੁਪੁਤ੍ਰ. ਦੇਖੋ, ਬੰਦਾ ਬਹਾਦੁਰ। ੨ ਦਸ਼ਮੇਸ਼ ਦਾ ਸੇਵਕ, ਜੋ ਇੱਕ ਵਾਰ ਲੇਪਨ ਕਰਦਾ ਸੀ, ਅਨਗਹਲੀ ਨਾਲ ਦਸ਼ਮੇਸ਼ ਦੇ ਜਾਮੇ ਪੁਰ ਛਿੱਟਾ ਪੈ ਗਿਆ. ਸਤਿਗੁਰੂ ਨੇ ਹੁਕਮ ਦਿੱਤਾ ਕਿ ਇਸ ਦੇ ਤਮਾਚਾ ਮਾਰੋ. ਇਸ ਪੁਰ ਅਨੇਕ ਸਿੱਖਾਂ ਨੇ ਤਮਾਚੇ ਮਾਰੇ. ਦਸ਼ਮੇਸ਼ ਨੇ ਫ਼ਰਮਾਇਆ ਕਿ ਅਸਾਂ ਇੱਕ ਤਮਾਚੇ ਨੂੰ ਕਿਹਾ ਸੀ ਤੁਸੀਂ ਬਹੁਤੇ ਕਿਉਂ ਮਾਰੇ? ਸਭ ਨੇ ਕਿਹਾ ਗੁਰੂ ਦਾ ਹੁਕਮ ਸਭ ਨੂੰ ਮੰਨਣਾ ਚਾਹੀਏ. ਦਸ਼ਮੇਸ਼ ਨੇ ਫ਼ਰਮਾਇਆ ਕਿ ਆਪਣੀ ਪੁਤ੍ਰੀ ਇਸ ਨੂੰ ਅਰਪੋ. ਇਸ ਪੁਰ ਸਭ ਚੁੱਪ ਹੋ ਗਏ. ਅਜਬ ਸਿੰਘ ਕੰਧਾਰ ਨਿਵਾਸੀ ਨੇ ਆਪਣੀ ਪੁਤ੍ਰੀ ਅਰਪੀ. ਸਤਿਗੁਰਾਂ ਨੇ ਉਸ ਦਾ ਕਾਨ੍ਹ ਸਿੰਘ ਨਾਲ ਆਨੰਦ ਪੜ੍ਹਾ ਦਿੱਤਾ. ਕਾਨ੍ਹ ਸਿੰਘ ਦਾ ਪੁਤ੍ਰ ਵਸਾਖਾ ਸਿੰਘ ਵਡਾ ਸਿਦਕੀ ਅਤੇ ਕਰਣੀ ਵਾਲਾ ਸਿੱਖ ਹੋਇਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਨ੍ਹ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨ੍ਹ ਸਿੰਘ: ਬਾਬਾ ਬਿਨੋਦ ਸਿੰਘ ਦਾ ਸੁਪੁੱਤਰ ਸੀ। ਇਹ ਖੱਤਰੀਆਂ ਵਿਚੋਂ ਤ੍ਰੇਹਣ ਗੋਤ ਦਾ ਸੀ ਅਤੇ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਸਮੇਂ ਇਹ ਉਹਨਾਂ ਦੇ ਨਾਲ ਸੀ। ਇਹ ਆਪਣੇ ਪਿਤਾ ਸਮੇਤ ਉਹਨਾਂ ਪੰਜ ਸਿੱਖਾਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ 1708 ਵਿਚ ਬੰਦਾ ਸਿੰਘ ਬਹਾਦਰ ਨਾਲ ਪੰਜਾਬ ਭੇਜਿਆ ਗਿਆ ਸੀ। ਇਸ ਨੇ ਬੰਦਾ ਸਿੰਘ ਦੀਆਂ ਮੁਗ਼ਲ ਹਕੂਮਤ ਵਿਰੋਧੀ ਮੁਹਿੰਮਾਂ ਵਿਚ ਹਿੱਸਾ ਲਿਆ ਸੀ। ਮਈ 1710 ਵਿਚ ਸਿੱਖਾਂ ਦੁਆਰਾ ਸਿਰਹਿੰਦ (ਸਰਹਿੰਦ) ਤੇ ਕਬਜ਼ਾ ਕਰ ਲੈਣ ਉਪਰੰਤ ਇਸ ਦੇ ਪਿਤਾ ਨੂੰ ਸਰਹੱਦੀ ਜ਼ਿਲੇ ਕਰਨਾਲ ਦਾ ਅਧਿਕਾਰ ਦਿੱਤਾ ਗਿਆ ਸੀ ਅਤੇ ਇਸ ਨੂੰ ਆਪਣੇ ਪਿਤਾ ਦਾ ਨਾਇਬ ਨਿਯੁਕਤ ਕਰ ਦਿੱਤਾ ਗਿਆ ਸੀ। ਇਸ ਨੇ ਮੁਗ਼ਲ ਕਮਾਂਡਰ ਫ਼ੀਰੋਜ਼ ਖ਼ਾਨ ਮੇਵਾਤੀ ਵਿਰੁੱਧ ਅਮੀਨ, ਤਰਾਓੜੀ, ਥਾਨੇਸਰ ਅਤੇ ਸ਼ਾਹਾਬਾਦ ਵਿਖੇ ਕਈ ਲੜਾਈਆਂ ਲੜੀਆਂ ਅਤੇ ਇਸ ਨੇ ਉਸ ਨੂੰ ਪੰਜਾਬ ਵੱਲ ਵਧਣ ਤੋਂ ਰੋਕਿਆ।ਬਾਅਦ ਵਿਚ ਗੁਰਦਾਸ-ਨੰਗਲ ਦੇ ਘੇਰੇ ਸਮੇਂ ਇਸ ਦੇ ਬੰਦਾ ਸਿੰਘ ਨਾਲ ਮੱਤ-ਭੇਦ ਪੈਦਾ ਹੋ ਗਏ ਅਤੇ ਇਸ ਨੇ ਉਸ ਦਾ ਸਾਥ ਛੱਡ ਦਿੱਤਾ।ਇਸ ਨੂੰ ਬੰਦੀ ਬਣਾਇਆ ਗਿਆ ਅਤੇ ਦੂਜੇ ਸਿੱਖ ਕੈਦੀਆਂ ਸਮੇਤ ਕਤਲ ਕਰਨ ਲਈ ਦਿੱਲੀ ਲਿਆਂਦਾ ਗਿਆ ਸੀ।


ਲੇਖਕ : ਗ.ਸ.ਦ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਨ੍ਹ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨ੍ਹ ਸਿੰਘ: ਮਿਰਜ਼ਾ ਸਿੰਘ ਦਾ ਪੁੱਤਰ ਜਿਸ ਨੇ ਆਪਣੇ ਪਿਤਾ ਦੀ ਤਰ੍ਹਾਂ ਪਹਿਲਾਂ ਜੈ ਸਿੰਘ ਕਨ੍ਹਈਆ ਅਤੇ ਫਿਰ ਰਣਜੀਤ ਸਿੰਘ ਦੀ ਨੌਕਰੀ ਕੀਤੀ ਸੀ। ਇਸ ਨੂੰ ਅਨਿਯਮਿਤ ਰਸਾਲੇ ਦਾ ਕਮਾਂਡਰ ਬਣਾਇਆ ਗਿਆ ਸੀ। ਇਹ ਆਪਣੀ ਰੈਜਮੈਂਟ ਲੈ ਕੇ ਕਸੂਰ ਵਿਖੇ ਅਤੇ ਕਾਂਗੜਾ ਦੀ ਮੁਹਿੰਮ (1809) ਵਿਚ ਲੜਿਆ ਸੀ। ਜਦੋਂ ਦੇਸਾ ਸਿੰਘ ਨੂੰ ਦਰਿਆ ਬਿਆਸ ਅਤੇ ਸਤਲੁਜ ਦੇ ਪਹਾੜੀ ਜ਼ਿਲਿਆਂ ਦਾ ਗਵਰਨਰ ਬਣਾਇਆ ਗਿਆ ਤਾਂ ਕਾਨ੍ਹ ਸਿੰਘ ਨੂੰ ਦੇਸਾ ਸਿੰਘ ਮਜੀਠੀਆ ਦੇ ਅਧੀਨ ਕਰ ਦਿੱਤਾ ਗਿਆ ਸੀ।


ਲੇਖਕ : ਗ.ਸ.ਨ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਨ੍ਹ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨ੍ਹ ਸਿੰਘ: ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਫ਼ਤਿਹਾਬਾਦ ਦਾ ਰਹਿਣ ਵਾਲਾ ਅਤੇ ਅੰਗਰੇਜ਼ਾਂ ਵਿਰੁੱਧ 1848-49 ਵਿਚ ਵਿਦਰੋਹ ਕਰਨ ਵਾਲੇ ਭਾਈ ਮਹਾਰਾਜ ਸਿੰਘ ਦਾ ਇਕ ਸਾਥੀ ਸੀ। ਇਹ ਭਾਈ ਮਹਾਰਾਜ ਸਿੰਘ ਨੂੰ 1848 ਦੇ ਅਰੰਭ ਵਿਚ ਅੰਮ੍ਰਿਤਸਰ ਵਿਖੇ ਮਿਲਿਆ ਅਤੇ ਇਸ ਨੇ ਦੂਜੇ ਐਂਗਲੋ-ਸਿੱਖ ਯੁੱਧ ਵਿਚ ਹਿੱਸਾ ਲਿਆ। ਇਸ ਨੂੰ 28-29 ਦਸੰਬਰ 1849 ਦੀ ਰਾਤ ਨੂੰ ਸ਼ਾਮ ਚੁਰਾਸੀ, ਜ਼ਿਲਾ ਹੁਸ਼ਿਆਰਪੁਰ, ਨੇੜੇ ਭਾਈ ਮਹਾਰਾਜ ਸਿੰਘ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ।


ਲੇਖਕ : ਮ.ਲ.ਅ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਨ੍ਹ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨ੍ਹ ਸਿੰਘ: ਇਕ ਕੂਕਾ ਆਗੂ ਜਿਸ ਦਾ ਜਨਮ 1840 ਵਿਚ ਅਜੋਕੇ ਪਾਕਿਸਤਾਨ ਦੇ ਜ਼ਿਲਾ ਰਾਵਲਪਿੰਡੀ ਦੇ ਪਿੰਡ ਹਜ਼ਰੋ ਵਿਖੇ ਹੋਇਆ। ਇਸ ਦੇ ਪਿਤਾ ਦਾ ਨਾਂ ਭਾਈ ਮੰਨਾ ਸਿੰਘ ਸੀ। ਇਹ ਕੂਕਾ ਲਹਿਰ ਦੇ ਬਾਨੀ ਬਾਬਾ ਬਾਲਕ ਸਿੰਘ ਦਾ ਭਤੀਜਾ ਸੀ, ਜਿਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਹਜ਼ਰੋ ਕੂਕਾ ਸਮੂਹ ਦੇ ਮੁਖੀ ਦੇ ਤੌਰ ਤੇ ਪ੍ਰਸਿੱਧ ਹੋ ਗਿਆ ਸੀ।


ਲੇਖਕ : ਮ.ਲ.ਅ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਨ੍ਹ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨ੍ਹ ਸਿੰਘ (ਅ.ਚ. 1846): ਗੁਜਰਾਂਵਾਲਾ ਜ਼ਿਲੇ ਵਿਚ ਘਰਜਾਖ ਦੇ ਪੰਜਾਬ ਸਿੰਘ ਦਾ ਪੁੱਤਰ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਇਕ ਅਹਿਲਕਾਰ ਸੀ। ਇਸ ਨੂੰ 500 ਘੋੜਸਵਾਰਾਂ ਦੀ ਕਮਾਨ ਦੇ ਕੇ ਪਿੰਡੀ ਘੇਬ ਨੂੰ ਭੇਜਿਆ ਗਿਆ ਸੀ ।ਉੱਥੇ ਇਹ ਨੌਂ ਸਾਲ ਰਿਹਾ। ਉਪਰੰਤ ਇਸ ਨੂੰ ਉੱਥੋਂ ਵਾਪਸ ਬੁਲਾ ਲਿਆ ਗਿਆ ਅਤੇ ਜਨਰਲ ਹਰੀ ਸਿੰਘ ਨਲਵਾ ਦੇ ਅਧੀਨ ਨਿਯੁਕਤ ਕਰ ਦਿੱਤਾ ਗਿਆ। ਕਾਨ੍ਹ ਸਿੰਘ ਨੇ ਕਈ ਮੁਹਿੰਮਾਂ ਵਿਚ ਹਰੀ ਸਿੰਘ ਨਲਵਾ ਦਾ ਸਾਥ ਦਿੱਤਾ। 1831 ਵਿਚ ਇਸ ਨੇ ਉੱਤਰ-ਪੱਛਮੀ ਸਰਹੱਦੀ ਇਲਾਕੇ ਵਿਚ ਯੂਸਫ਼ਜਈ ਕਬੀਲਿਆਂ ਦੇ ਖ਼ਿਲਾਫ਼ ਮੁਹਿੰਮ ਵਿਚ ਵੀ ਹਿੱਸਾ ਲਿਆ। ਇਹ ਕਸ਼ਮੀਰ ਦੇ ਨਵੇਂ ਬਣੇ ਜਨਰਲ ਮੀਂਹਾਂ ਸਿੰਘ ਨਾਲ 1834 ਵਿਚ ਗਿਆ ਸੀ। ਕਾਨ੍ਹ ਸਿੰਘ ਤਿੰਨ ਸਾਲ ਬਾਅਦ ਚੋਖੀ ਸੰਪਤੀ ਕਮਾ ਕੇ ਲਾਹੌਰ ਪਰਤਿਆ। ਇਸਦੇ ਸੁਪੁੱਤਰ ਲਹਿਣਾ ਸਿੰਘ ਦੀ ਸ਼ਾਦੀ ਇਸ ਦੇ ਪੁਰਾਣੇ ਕਮਾਂਡਰ ਹਰੀ ਸਿੰਘ ਨਲਵਾ ਦੀ ਪੁੱਤਰੀ ਨਾਲ ਹੋ ਗਈ। ਉਪਰੰਤ ਹਰੀ ਸਿੰਘ ਆਪਣੇ ਜਵਾਈ ਨੂੰ ਪਿਸ਼ਾਵਰ ਦੀ 1837 ਦੀ ਮੁਹਿੰਮ ਵਿਚ ਆਪਣੇ ਨਾਲ ਲੈ ਗਿਆ। ਇਸੇ ਮੁਹਿੰਮ ਵਿਚ ਮਹਾਨ ਜਨਰਲ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਸੀ। ਮਹਾਰਾਜਾ ਖੜਕ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਰਾਜ ਸਮੇਂ ਕਾਨ੍ਹ ਸਿੰਘ ਅਤੇ ਇਸ ਦੇ ਤਿੰਨ ਪੁੱਤਰਾਂ- ਫ਼ਤਿਹ ਸਿੰਘ, ਜੋਧ ਸਿੰਘ, ਲਹਿਣਾ ਸਿੰਘ ਨਾਲ ਖ਼ਾਸ ਰਿਆਇਤ ਵਾਲਾ ਵਰਤਾਉ ਕੀਤਾ ਗਿਆ ਅਤੇ ਇਹਨਾਂ ਨੂੰ ਫ਼ੌਜ ਵਿਚ ਨਿਯੁਕਤੀਆਂ ਪ੍ਰਦਾਨ ਕੀਤੀਆਂ ਗਈਆਂ। ਪਰੰਤੂ ਜਦੋਂ ਰਾਜਾ ਹੀਰਾ ਸਿੰਘ ਤਾਕਤ ਵਿਚ ਆਇਆ ਤਾਂ ਪਰਵਾਰ ਉੱਤੇ ਆਫ਼ਤ ਆ ਗਈ ਅਤੇ ਜਵਾਹਰ ਸਿੰਘ ਦੇ ਮੰਤਰੀ ਬਣਨ ਤਕ ਇਹ ਪਹਿਲਾਂ ਵਾਲਾ ਮਾਣ-ਸਨਮਾਨ ਪ੍ਰਾਪਤ ਨਾ ਕਰ ਸਕੇ

      ਕਾਨ੍ਹ ਸਿੰਘ 1846 ਦੀ ਪਹਿਲੀ ਐਂਗਲੋ-ਸਿੱਖ ਜੰਗ ਵਿਚ ਗੋਲੀ ਲੱਗਣ ਨਾਲ ਸ਼ਹੀਦੀ ਪ੍ਰਾਪਤ ਕਰ ਗਿਆ।


ਲੇਖਕ : ਸ.ਸ.ਭ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਨ੍ਹ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਨ੍ਹ ਸਿੰਘ (ਅ.ਚ. 1876): ਦੂਲਾ ਸਿੰਘ ਦਾ ਸੁਪੁੱਤਰ ਸੀ ਜਿਹੜਾ ਕਿ ਸਿਆਲਕੋਟ ਜ਼ਿਲੇ ਵਿਚ ਕਲਾਸਵਾਲਾ ਪਿੰਡ ਦਾ ਵਸਨੀਕ ਸੀ। ਇਸਨੇ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਜਨਰਲ ਅਵੀਤਾਬੀਲ ਦੇ ਅਧੀਨ ਆਪਣੀ ਨੌਕਰੀ ਸ਼ੁਰੂ ਕੀਤੀ ਅਤੇ ਖ਼ੈਬਰ ਦੱਰੇ ਵਿਖੇ ਹੋਈਆਂ ਲੜਾਈਆਂ ਅਤੇ ਯੂਸਫਜ਼ਈ ਮੁਹਿੰਮਾਂ ਵਿਚ ਲਗਾਤਾਰ ਸ਼ਰੀਕ ਰਿਹਾ। ਇਸਨੇ ਪਹਿਲੀ ਐਂਗਲੋ-ਸਿੱਖ ਜੰਗ ਵਿਚ ਸ਼ੇਰ ਦਿਲ ਪਲਟਨ ਵਿਚ ਨੌਕਰੀ ਕੀਤੀ। ਪੰਜਾਬ ਉੱਤੇ ਕਬਜ਼ੇ ਉਪਰੰਤ ਇਹ 30ਵੀਂ ਪੰਜਾਬ ਪੈਦਲ ਫ਼ੌਜ ਵਿਚ ਸ਼ਾਮਲ ਹੋ ਗਿਆ। ਇਹ ਤਰੱਕੀ ਕਰਕੇ ਸੂਬੇਦਾਰ-ਮੇਜਰ ਦੇ ਅਹੁਦੇ ਤਕ ਪਹੁੰਚਿਆ। ਇਹ 1864-65 ਦੀ ਭੂਟਾਨ ਮੁਹਿੰਮ ਵਿਚ ਵੀ ਲੜਿਆ ਜਿਸ ਪਿੱਛੋਂ ਛੇਤੀ ਹੀ ਇਹ ਸੇਵਾ-ਮੁਕਤ ਹੋ ਗਿਆ। 1876 ਵਿਚ, ਇਹ ਅਕਾਲ ਚਲਾਣਾ ਕਰ ਗਿਆ।


ਲੇਖਕ : ਗ.ਸ.ਨ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਨ੍ਹ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਾਨ੍ਹ ਸਿੰਘ : ਇਹ ਬਾਬਾ ਬਿਨੋਦ ਸਿੰਘ ਦਾ ਪੁੱਤਰ ਸੀ ਇਹ ਦੋਵੇਂ ਪਿਓ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਸਨ। ਸੰਨ 1708 ਵਿਚ ਦਸ਼ਮੇਸ਼ ਪਿਤਾ ਨੇ ਜਦੋਂ ਬਾਬਾ ਬੰਦਾ ਬਹਾਦਰ ਨੂੰ ਪਾਪੀਆਂ ਨੂੰ ਨੀਚ ਕਰਮਾਂ ਦਾ ਫਲ ਦੇਣ ਲਈ ਪੰਜਾਬ ਵੱਲ ਤੋਰਿਆ ਤਾਂ ਬਾਬਾ ਬੰਦਾ ਬਹਾਦਰ ਦੇ ਨਾਲ ਪੰਜ ਸਿੰਘ ਵੀ ਭੇਜੇ। ਕਾਨ੍ਹ ਸਿੰਘ ਤੇ ਬਿਨੋਦ ਸਿੰਘ ਵੀ ਉਨ੍ਹਾਂ ਪੰਜ ਸਿੰਘਾਂ ਵਿਚੋਂ ਸ਼ਾਮਲ ਸਨ। ਇਨ੍ਹਾਂ ਨੇ ਮਰਦੇ ਦਮ ਤਕ ਬਾਬਾ ਬੰਦਾ ਬਹਾਦਰ ਦਾ ਸਾਥ ਦਿੱਤਾ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-26-04-34-10, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 318: 894.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.